Pathankot Boy Dies In US: ਅਮਰੀਕਾ ਦੇ ਨਿਊਯਾਰਕ ਸ਼ਹਿਰ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਠਾਨਕੋਟ ਦੀ ਇੰਦਰਾ ਕਲੋਨੀ ਦੇ ਰਹਿਣ ਵਾਲੇ ਇੱਕ 18 ਸਾਲਾ ਨੌਜਵਾਨ ਦੀ ਨਿਊਯਾਰਕ ਦੇ ਮਸ਼ਹੂਰ ਸੈਂਟਰਲ ਪਾਰਕ ਵਿੱਚ ਘੋੜਾ-ਗੱਡੀ (Horse Carriage) ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਰੋਮਾਂਚ ਮਹਾਜਨ ਵਜੋਂ ਹੋਈ ਹੈ, ਜੋ ਹਾਲ ਹੀ ਵਿੱਚ ਆਪਣੀ ਬਾਰ੍ਹਵੀਂ ਜਮਾਤ ਪਾਸ ਕਰਕੇ ਉੱਚ ਸਿੱਖਿਆ ਲਈ ਚੁਣਿਆ ਗਿਆ ਸੀ। ਰੋਮਾਂਚ ਪਠਾਨਕੋਟ ਦੇ ਮਸ਼ਹੂਰ ਜੌਹਰੀ ਵਿਨੋਦ ਮਹਾਜਨ ਦੇ ਭਰਾ ਰਮੇਸ਼ ਮਹਾਜਨ ਦਾ ਪੋਤਾ ਸੀ।

ਪਹਿਲੀ ਵਾਰ ਅਮਰੀਕਾ ਆਇਆ ਸੀ ਰੋਮਾਂਚ
ਮਿਲੀ ਜਾਣਕਾਰੀ ਅਨੁਸਾਰ, ਰੋਮਾਂਚ ਮਹਾਜਨ ਚਾਰ ਦਿਨ ਪਹਿਲਾਂ ਹੀ ਆਪਣੇ ਪਰਿਵਾਰ (ਮਾਤਾ, ਪਿਤਾ ਅਤੇ ਛੋਟੇ ਭਰਾ) ਨਾਲ ਪਹਿਲੀ ਵਾਰ ਅਮਰੀਕਾ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਛੁੱਟੀਆਂ ਬਿਤਾਉਣ ਨਿਊਯਾਰਕ ਗਿਆ ਸੀ। ਪਰਿਵਾਰ ਨੇ ਆਪਣੀ ਯਾਤਰਾ ਦੌਰਾਨ ਸਟੈਚੂ ਆਫ ਲਿਬਰਟੀ ਅਤੇ 9/11 ਮੈਮੋਰੀਅਲ ਵਰਗੀਆਂ ਕਈ ਮਸ਼ਹੂਰ ਥਾਵਾਂ ਦੇਖੀਆਂ ਸਨ। ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਖ਼ੁਸ਼ੀ ਦਾ ਸਫ਼ਰ ਇੱਕ ਵੱਡੇ ਹਾਦਸੇ ਵਿੱਚ ਬਦਲ ਜਾਵੇਗਾ।
ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਗਈ ਜਾਨ
ਇਹ ਭਿਆਨਕ ਹਾਦਸਾ ਸੈਂਟਰਲ ਪਾਰਕ ਦੇ ਚੈਰੀ ਹਿੱਲ ਫਾਊਂਟੇਨ ਨੇੜੇ ਦੁਪਹਿਰ ਕਰੀਬ 2:45 વਜੇ ਵਾਪਰਿਆ। ਰੋਮਾਂਚ ਦੇ ਪਿਤਾ ਦੀਪਕ ਮਹਾਜਨ ਨੇ ਨਿਊਯਾਰਕ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਘੋੜਾ-ਗੱਡੀ ਦੀ ਸਵਾਰੀ ਕਰ ਰਹੇ ਸਨ, ਤਾਂ ਗੱਡੀ ਦਾ ਚਾਲਕ (ਡਰਾਈਵਰ) ਪਰਿਵਾਰ ਦੀ ਇੱਕ ਗਰੁੱਪ ਫੋਟੋ ਖਿੱਚਣ ਲਈ ਲਾਲ-ਚਿੱਟੇ ਰੰਗ ਦੀ ਗੱਡੀ ਤੋਂ ਹੇਠਾਂ ਉਤਰ ਗਿਆ।
ਜਿਵੇਂ ਹੀ ਡਰਾਈਵਰ ਫੋਟੋ ਖਿੱਚਣ ਲਈ ਥੋੜ੍ਹਾ ਦੂਰ ਗਿਆ, ਘੋੜਾ ਅਚਾਨਕ ਕਿਸੇ ਚੀਜ਼ ਤੋਂ ਡਰ ਗਿਆ ਅਤੇ ਬੇਕਾਬੂ ਹੋ ਕੇ ਫੁੱਟਪਾਥ ਅਤੇ ਘਾਹ ਵਾਲੇ ਖੇਤਰ ਵੱਲ ਤੇਜ਼ੀ ਨਾਲ ਭੱਜਣ ਲੱਗਾ। ਡਰਾਈਵਰ ਨੇ ਘੋੜੇ ਦੇ ਪਿੱਛੇ ਦੌੜ ਕੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਿਹਾ। ਗੱਡੀ ਦੇ ਬੇਕਾਬੂ ਹੋਣ ‘ਤੇ ਪਰਿਵਾਰ ਵਿੱਚ ਚੀਕ-ਚਿਹਾਰਾ ਮੱਚ ਗਿਆ।
ਸੈਂਟਰਲ ਪਾਰਕ ਦੇ ਨੇੜੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੀ ਤਾਤਿਆਨਾ ਬ੍ਰੈਸਲਰ ਨੇ ਦੱਸਿਆ ਕਿ ਘੋੜਾ ਅਚਾਨਕ ਡਰ ਗਿਆ ਅਤੇ ਤੇਜ਼ ਰਫ਼ਤਾਰ ਨਾਲ ਬੋਲਟ ਹੋ ਗਿਆ। ਹਾਦਸੇ ਨੂੰ ਦੇਖਣ ਤੋਂ ਬਾਅਦ, ਉਸਨੇ ਤੁਰੰਤ 911 ਨੂੰ ਫੋਨ ਕੀਤਾ। ਬ੍ਰੈਸਲਰ ਨੇ ਨਿਊਯਾਰਕ ਪੋਸਟ ਨੂੰ ਦੱਸਿਆ, “ਘੋੜਾ ਬਹੁਤ ਤੇਜ਼ ਦੌੜ ਰਿਹਾ ਸੀ।” ਉਸਨੇ ਅੱਗੇ ਕਿਹਾ ਕਿ ਇੱਕ ਚਸ਼ਮਦੀਦ ਗਵਾਹ ਘੋੜੇ ਨੂੰ ਹੌਲੀ ਕਰਨ ਵਿੱਚ ਕਾਮਯਾਬ ਰਿਹਾ, ਪਰ ਉਦੋਂ ਤੱਕ, ਗੱਡੀ ਪਹਿਲਾਂ ਹੀ ਪਲਟ ਚੁੱਕੀ ਸੀ।
ਪਿਤਾ ਦਾ ਦਰਦਨਾਕ ਬਿਆਨ: ਦੀਪਕ ਮਹਾਜਨ ਨੇ ਭਾਵੁਕ ਹੁੰਦਿਆਂ ਦੱਸਿਆ, “ਅਸੀਂ ਮਦਦ ਲਈ ਚੀਕ ਰਹੇ ਸੀ। ਇਸ ਦੌਰਾਨ ਜਦੋਂ ਮੇਰੀ ਪਤਨੀ (ਪ੍ਰਿਆ ਮਹਾਜਨ) ਚੱਲਦੀ ਗੱਡੀ ਵਿੱਚੋਂ ਹੇਠਾਂ ਡਿੱਗ ਗਈ, ਤਾਂ ਰੋਮਾਂਚ ਨੇ ਆਪਣੀ ਮਾਂ ਨੂੰ ਬਚਾਉਣ ਲਈ ਗੱਡੀ ਤੋਂ ਛਾਲ ਮਾਰ ਦਿੱਤੀ। ਪਰ ਹੇਠਾਂ ਡਿੱਗਦੇ ਹੀ ਉਸਦਾ ਸਿਰ ਜ਼ਮੀਨ ਨਾਲ ਬਹੁਤ ਜ਼ੋਰ ਦੀ ਟਕਰਾਇਆ ਅਤੇ ਉਹ ਬੇਹੋਸ਼ ਹੋ ਗਿਆ।”
ਰੋਮਾਂਚ ਨੂੰ ਤੁਰੰਤ ਗੰਭੀਰ ਹਾਲਤ ਵਿੱਚ ਨਿਊਯਾਰਕ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ। ਇਸ ਹਾਦਸੇ ਵਿੱਚ ਰੋਮਾਂਚ ਦੀ ਮਾਂ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਕੈਰੀਜ ਡਰਾਇਵਰ ਨੂੰ ਅਣਮਿੱਥੇ ਸਮੇਣ ਲਈ ਮੁਅੱਤਲ
ਸੈਂਟਰਲ ਪਾਰਕ ਦੇ 150 ਸਾਲਾਂ ਤੋਂ ਵੱਧ ਦੇ ਇਤਿਹਾਸ ਵਿੱਚ ਇਹ ਪਹਿਲੀ ਅਜਿਹੀ ਘਟਨਾ ਹੈ ਜਿੱਥੇ ਕਿਸੇ ਇਨਸਾਨ ਦੀ ਇਸ ਤਰ੍ਹਾਂ ਮੌਤ ਹੋਈ ਹੈ। ਇਸ ਹਾਦਸੇ ਤੋਂ ਬਾਅਦ ਨਿਊਯਾਰਕ ਦੇ ਮੇਅਰ, ਕਈ ਆਗੂਆਂ ਅਤੇ ਪਸ਼ੂ ਭਲਾਈ ਸੰਸਥਾਵਾਂ ਨੇ ਸੈਂਟਰਲ ਪਾਰਕ ਵਿੱਚ ਘੋੜਾ-ਗੱਡੀਆਂ ਦੀ ਇੰਡਸਟਰੀ ਨੂੰ ਹਮੇਸ਼ਾ ਲਈ ਬੰਦ ਕਰਨ (Ryder’s Law ਪਾਸ ਕਰਨ) ਦੀ ਮੰਗ ਤੇਜ਼ ਕਰ ਦਿੱਤੀ ਹੈ। ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਨੇ ਡਰਾਈਵਰ ਦੀ ਲਾਪਰਵਾਹੀ ਦੀ ਨਿੰਦਾ ਕਰਦਿਆਂ ਉਸਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪਠਾਨਕੋਟ ਵਿੱਚ ਰੋਮਾਂਚ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।