ਇਸੇ ਦੌਰਾਨ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਇਰਾਨ ਨਾਲ ਸੰਭਾਵੀ ਪਰਮਾਣੂ ਸਮਝੌਤੇ 'ਤੇ ਗੱਲਬਾਤ ਅੱਗੇ ਵਧਾਉਣ ਲਈ ਸਵਿਟਜ਼ਰਲੈਂਡ ਰਵਾਨਾ ਹੋ ਗਏ ਹਨ।
ਉਮੀਦ ਜਤਾਈ ਜਾ ਰਹੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਇਸ ਗੱਲਬਾਤ ਦਾ ਪਹਿਲਾ ਦੌਰ ਉੱਥੇ ਹੀ ਆਯੋਜਿਤ ਹੋਵੇਗਾ। ਅਮਰੀਕੀ ਨਿਊਜ਼ ਵੈੱਬਸਾਈਟ 'ਐਕਸੀਓਸ' ਨੇ ਇੱਕ ਅਗਿਆਤ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਪਹਿਲਾਂ ਹੀ ਸਵਿਟਜ਼ਰਲੈਂਡ ਪਹੁੰਚੇ ਹੋਏ ਹਨ।
ਵੀ ਪੜ੍ਹੋ- AP ਢਿੱਲੋਂ ਦੇ ਘਰ ਗੋਲ਼ੀਆਂ ਚਲਾਉਣ ਵਾਲਾ ਕੈਨੇਡਾ ਤੋਂ ਹੋਵੇਗਾ ਡਿਪੋਰਟ ! ਖ਼ੁਦ ਕਬੂਲਿਆ ਵੱਡਾ ਗੁਨਾਹ
ਇਹ ਉੱਚ-ਪੱਧਰੀ ਗੱਲਬਾਤ ਪਹਿਲਾਂ ਸ਼ੁੱਕਰਵਾਰ ਨੂੰ ਸ਼ੁਰੂ ਹੋਣੀ ਸੀ, ਪਰ ਲਿਬਨਾਨ 'ਚ ਇਜ਼ਰਾਈਲ ਅਤੇ ਸ਼ੀਆ ਸੰਗਠਨ ਹਿਜ਼ਬੁੱਲ੍ਹਾ ਵਿਚਾਲੇ ਚੱਲ ਰਹੀ ਜੰਗ ਕਾਰਨ ਇਸ ਗੱਲਬਾਤ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਗਿਆ ਸੀ। ਫਿਲਹਾਲ ਇਹ ਸਾਫ਼ ਨਹੀਂ ਹੈ ਕਿ ਗੱਲਬਾਤ ਲਈ ਕੋਈ ਨਵਾਂ ਸਮਾਂ ਤੈਅ ਕੀਤਾ ਗਿਆ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਅਮਰੀਕੀ ਵਫ਼ਦ ਦੀ ਅਗਵਾਈ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਕਰਨ ਵਾਲੇ ਸਨ, ਪਰ ਉਨ੍ਹਾਂ ਨੇ ਵੀਰਵਾਰ ਨੂੰ ਆਪਣੀ ਯਾਤਰਾ ਮੁਲਤਵੀ ਕਰ ਦਿੱਤੀ।
ਜ਼ਿਕਰਯੋਗ ਹੈ ਕਿ 14 ਜੂਨ ਨੂੰ ਅਮਰੀਕਾ ਅਤੇ ਇਰਾਨ ਨੇ ਪੁਸ਼ਟੀ ਕੀਤੀ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਇੱਕ ਸਹਿਮਤੀ ਪੱਤਰ ਦਾ ਖਰੜਾ ਤਿਆਰ ਹੋ ਗਿਆ ਹੈ, ਜਿਸ 'ਤੇ 18 ਜੂਨ ਦੀ ਰਾਤ ਨੂੰ ਦਸਤਖਤ ਕੀਤੇ ਗਏ ਸਨ। ਇਸ ਸਮਝੌਤੇ ਤਹਿਤ 28 ਫਰਵਰੀ ਤੋਂ ਚੱਲ ਰਹੀ ਇਸ ਜੰਗ ਨੂੰ ਖ਼ਤਮ ਕਰਨ ਦੀ ਤਿਆਰੀ ਹੈ।
ਇਹ ਇਤਿਹਾਸਕ ਸਮਝੌਤਾ ਦੋਵਾਂ ਦੇਸ਼ਾਂ ਨੂੰ ਇਰਾਨੀ ਪਰਮਾਣੂ ਮੁੱਦੇ ਅਤੇ ਅਮਰੀਕੀ ਆਰਥਿਕ ਪਾਬੰਦੀਆਂ 'ਤੇ ਅੰਤਿਮ ਫੈਸਲੇ ਤੱਕ ਪਹੁੰਚਣ ਲਈ 60 ਦਿਨਾਂ ਦਾ ਸਮਾਂ ਦਿੰਦਾ ਹੈ। ਇਸ ਤੋਂ ਇਲਾਵਾ, ਇਸ ਤਹਿਤ ਅਮਰੀਕਾ ਵੱਲੋਂ ਆਪਣੀ ਸਮੁੰਦਰੀ ਨਾਕਾਬੰਦੀ ਹਟਾਉਣ ਅਤੇ ਇਰਾਨ ਵੱਲੋਂ ਹੋਰਮੁਜ਼ ਤੋਂ ਵਪਾਰਕ ਜਹਾਜ਼ਾਂ ਦੀ ਆਵਾਜਾਈ ਨੂੰ ਦੁਬਾਰਾ ਬਹਾਲ ਕਰਨ ਦੀ ਇੱਕ ਨਿਸ਼ਚਿਤ ਸਮਾਂ-ਸੀਮਾ ਤੈਅ ਕੀਤੀ ਗਈ ਹੈ, ਜਿਸ ਮਗਰੋਂ ਉਮੀਦ ਜਤਾਈ ਜਾ ਰਹੀ ਹੈ ਕਿ ਛੇਤੀ ਹੀ ਪੂਰੀ ਦੁਨੀਆ 'ਚ ਤੇਲ-ਗੈਸ ਦੀ ਸਪਲਾਈ ਪਹਿਲਾਂ ਵਾਂਗ ਆਮ ਹੋ ਜਾਵੇਗੀ।