World

ਅਮਰੀਕਾ ’ਚ ਪੰਜਾਬੀ ਨੌਜਵਾਨ ਵਲੋਂ ਆਪਣੇ ਮਾਂ-ਬਾਪ ਤੇ ਨਾਨੀ ਦੀ ਹੱਤਿਆ

aman 19 Jun 2026, 12:10 PM

ਸਾਨ ਫਰਾਂਸਿਸਕੋ,19 ਜੂਨ(ਐਸ ਅਸ਼ੋਕ ਭੌਰਾ)- ਅਮਰੀਕਾ ਦੇ ਟੈਕਸਸ ਸੂਬੇ ਦੇ ਸ਼ਹਿਰ ਐਲਟੋਨ ਵਿਚ ਇਕ ਦਰਦਨਾਕ ਘਟਨਾ ਵਾਪਰੀ, ਜਿਸ ਵਿਚ ਇਕ ਪੰਜਾਬੀ ਨੌਜਵਾਨ ਨੇ ਲੰਘੇ ਮੰਗਲਵਾਰ ਨੂੰ ਆਪਣੇ ਮਾਂ-ਬਾਪ ਅਤੇ ਨਾਨੀ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਹੈ। ਹਿਡਾਲਗੋ ਕਾਊਂਟੀ ਸ਼ੈਰਿਫ਼ ਦਫ਼ਤਰ ਨੇ ਮ੍ਰਿਤਕਾਂ ਦੀ ਪਛਾਣ 56 ਸਾਲਾ ਸਵੀਟਾ ਰਾਮ, 46 ਸਾਲਾ ਕਮਲੇਸ਼ ਰਾਣੀ ਅਤੇ 73 ਸਾਲਾ ਮਿੰਦਰ ਕੌਰ ਵਜੋਂ ਕੀਤੀ ਹੈ। ਸਵੀਟਾ ਰਾਮ ਸਥਾਨਕ ਨਾਮੀ ਕਾਰੋਬਾਰੀ ਸੀ ਤੇ ਪਰਿਵਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਲਾਗਲੇ ਪਿੰਡ ਲੱਖਪੁਰ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।ਕਥਿਤ ਦੋਸ਼ੀ ਦੀ ਪਛਾਣ ਸਵੀਟਾ ਰਾਮ ਦੇ ਬੇਟੇ ਗੌਰਵ ਚੋਪੜਾ (19) ਵਜੋਂ ਕੀਤੀ ਗਈ ਹੈ।

ਹਿਡਾਲਗੋ ਕਾਊਂਟੀ ਸ਼ੈਰਿਫ਼ ਐਡੀ ਗੁਏਰਾ ਅਨੁਸਾਰ ਗੌਰਵ ਚੋਪੜਾ ਉੱਤੇ ਤਿੰਨ ਕਤਲਾਂ ਦੇ ਦੋਸ਼ ਤੋਂ ਇਲਾਵਾ ਇਕ ਹੋਰ ਕਤਲ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਉਸ ਨੇ ਆਪਣੇ 21 ਸਾਲਾ ਭਰਾ ’ਤੇ ਇਕ ਗੋਲੀ ਚਲਾਈ ਸੀ ਪਰ ਉਹ ਨਿਸ਼ਾਨੇ ਤੋਂ ਖੁੰਝ ਗਈ। ਦੱਸਿਆ ਜਾ ਰਿਹਾ ਹੈ ਕਿ ਮਾਂ ਤੇ ਨਾਨੀ ਦੀ ਮੌਤ ਮੌਕੇ ’ਤੇ ਹੀ ਹੋ ਗਈ, ਜਦਕਿ ਬਾਪ, ਜਿਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ, ਦੀ ਬਾਅਦ ਵਿਚ ਮੌਤ ਹੋ ਗਈ। ਗੌਰਵ ਦੇ 21 ਸਾਲਾ ਵੱਡੇ ਭਰਾ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਉਹ ਪੌੜੀਆਂ ਚੜ੍ਹ ਰਿਹਾ ਸੀ ਤਾਂ ਉਸ ਨੇ ਜ਼ਮੀਨ ’ਤੇ ਪਈਆਂ ਲੱਤਾਂ ਦੇਖੀਆਂ। ਉਹ ਸਦਮੇ ਵਿਚ ਸੀ ਕਿ ਇਸ ਤੋਂ ਬਾਅਦ ਉਸਦਾ ਛੋਟਾ ਭਰਾ ਗੌਰਵ ਚੋਪੜਾ ਉਸ ਵੱਲ ਆਇਆ, ਉਸ ਨੇ ਬੰਦੂਕ ਕੱਢੀ ਅਤੇ ਉਸ ਦੇ ਸਿਰ ਵੱਲ ਤਾਣ ਕੇ ਇੱਕ ਗੋਲੀ ਚਲਾਈ, ਜੋ ਲੱਗਣ ਤੋਂ ਖੁੰਝ ਗਈ।ਉਸ ਨੇ ਹੀ ਪੁਲਿਸ ਨੂੰ ਵਾਰਦਾਤ ਸੰਬੰਧੀ ਸੂਚਿਤ ਕੀਤਾ। ਕਥਿਤ ਦੋਸ਼ੀ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤੇ ਥੋੜ੍ਹੀ ਦੂਰ ਜਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਗੱਡੀ ’ਚੋਂ ਘਟਨਾ ਲਈ ਵਰਤੀ ਬੰਦੂਕ ਵੀ ਬਰਾਮਦ ਕਰ ਲਈ ਗਈ ਹੈ। ਕਤਲ ਦੇ ਕਾਰਨਾਂ ਦੀ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।